ਲੰਡਨ- ਵਿਸ਼ਵ ਦੇ ਨੰਬਰ-1 ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਹੰਗਰੀ ਦੇ ਮਾਰਟਨ ਫੁਕਸੋਵਿਕਸ ਨੂੰ ਲਗਾਤਾਰ ਹਰਾ ਕੇ ਸਾਲ ਦੇ ਤੀਜੇ ਗਰੈਂਡ ਸਲੈਮ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕਰ ਲਿਆ। ਜੋਕੋਵਿਚ ਦੀ ਇਹ 100ਵੀਂ ਗ੍ਰਾਸ ਕੋਰਟ ਜਿੱਤ ਹੈ। ਜੋਕੋਵਿਚ ਨੇ ਫੁਕਸੋਵਿਕਸ ਨੂੰ 6-3, 6-4, 6-4 ਨਾਲ ਹਰਾ ਕੇ 41ਵੀਂ ਵਾਰ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਦੇ ਆਖਰੀ 4 ’ਚ ਜਗ੍ਹਾ ਬਣਾਈ, ਜਿੱਥੇ ਉਨ੍ਹਾਂ ਦਾ ਮੁਕਾਬਲਾ 10ਵੀਂ ਸੀਡ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਨਾਲ ਹੋਵੇਗਾ, ਜਿਨ੍ਹਾਂ ਨੇ 25ਵੀਂ ਸੀਡ ਰੂਸ ਦੇ ਕਾਰੇਨ ਖਾਚਾਨੋਵ ਨੂੰ 5 ਸੈੱਟਾਂ ਦੇ ਮੈਰਾਥਨ ਮੁਕਾਬਲੇ ’ਚ 6-4, 3-6, 5-7, 6-1, 6-4 ਨਾਲ ਹਰਾ ਕੇ ਪਹਿਲੀ ਵਾਰ ਕਿਸੇ ਗਰੈਂਡ ਸਲੈਮ ਦੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ।