ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ(ਬਾਦਲ) ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀਜੀਪੀ ਦਿਨਕਰ ਗੁਪਤਾ ਨੂੰ ਕਿਹਾ ਹੈ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਸਰਕਾਰ 300 ਕੁਇੰਟਲ ਹੈਰੋਇਨ ਜਬਤੀ ਦੇ ਮਾਮਲੇ ‘ਚ ਖਡੂਰ ਸਾਹਿਬ ਦੇ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਭੂਮਿਕਾ ਦੀ ਜਾਂਚ ਕਿਉਂ ਨਹੀਂ ਕਰ ਰਹੇ । ਪਾਰਟੀ ਨੇ ਇਹ ਵੀ ਮੰਗ ਕੀਤੀ ਹੈ ਕਿ ਪੰਜਾਬ ਪੁਲਸ ਇਸ ਮਾਮਲੇ ਦੇ ਮੁੱਖ ਮੁਲਜ਼ਮ ਦੇ ਨਾਲ ਸਿੱਕੀ ਦੀ ਨਜ਼ਦੀਕੀ ਦੀ ਜਾਂਚ ‘ਚ ਆਪਣਾ ਫ਼ਰਜ਼ ਨਿਭਾਉਣ ‘ਚ ਅਸਫਲ ਰਹੀ ਹੈ, ਇਸ ਲਈ ਇਹ ਮਾਮਲਾ ਐੱਨਸੀਬੀ ਨੂੰ ਸੌਂਪ ਦਿੱਤਾ ਜਾਣਾ ਚਾਹੀਦਾ ਹੈ।
ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ “ਸਿੱਖ ਪ੍ਰਚਾਰਕ ਢੱਡਰੀਆਂ ਵਾਲੇ ਦੀ ਭੂਮਿਕਾ ਦੀ ਜਾਂਚ ਡਾਇਰੈਕਟਰੇਟ ਮਾਲ ਇਨਫ਼ੋਰਸਮੈਂਟ ਨੂੰ ਭੇਜੀ ਜਾਣੀ ਚਾਹੀਦੀ ਹੈ, ਕਿਉਂਕਿ ਇਸ ਦੇ ਤਰਨਤਾਰਨ ਦੇ ਚੋਹਲਾ ਸਾਹਿਬ ਪਿੰਡ ਦੇ ਪ੍ਰਭਜੀਤ ਸਿੰਘ ਦੇ ਮੁਲਜ਼ਮ ਪਰਿਵਾਰ ਦੇ ਨਾਲ ਬਹੁਤ ਕਰੀਬੀ ਸਬੰਧ ਹਨ।” ਉਨ੍ਹਾਂ ਦੋਸ਼ ਲਾਇਆ ਕਿ “ਪ੍ਰਭਜੀਤ ਦਾ ਚਚੇਰਾ ਭਰਾ ਢੱਡਰੀਆਂ ਵਾਲੇ ਦਾ ਗੰਨਮੈਨ ਸੀ, ਇੱਥੋਂ ਤੱਕ ਕਿ ਉਸਦੇ ਗੰਨਮੈਨ ਰਾਮ ਸਿੰਘ ਦਾ ਬੇਟਾ ਕੈਨੇਡਾ ਵਿੱਚ ਡਰੱਗ ਕੇਸ ਦਾ ਸਾਹਮਣਾ ਕਰ ਰਿਹਾ ਹੈ। ਢੱਡਰੀਆਂ ਵਾਲੇ ਕੋਲ ਕਰੋੜਾਂ ਰੁਪਏ ਦੀ ਲਾਗਤ ਵਾਲੀਆਂ ਕਾਰਾਂ ਦਾ ਮਾਲਕ ਹੈ, ਭਾਵੇਂ ਹੀ ਉਸ ਕੋਲ ਰੋਜ਼ੀ ਰੋਟੀ ਦਾ ਕੋਈ ਸਾਧਨ ਨਹੀਂ ਹੈ। ਡਰੱਗ ਸਮੱਗਲਰਾਂ ਨੂੰ ਹਿਫਾਜ਼ਤ ਦੇਣ ‘ਚ ਉਸ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ।”