ਹੁਸ਼ਿਆਰਪੁਰ (ਅਮਰੀਕ)- ਹੁਸਿ਼ਆਰਪੁਰ ਦੇ ਹਲਕਾ ਮੁਕੇਰੀਆਂ ਅਧੀਨ ਆਉਂਦੇ ਪਿੰਡ ਲੰਗਾਹ ਵਿਖੇ ਫ਼ੌਜ ਵਿਚੋਂ ਛੁੱਟੀ 'ਤੇ ਆਏ ਇਕ ਫ਼ੌਜੀ ਅਤੇ ਉਸ ਦੇ ਇਕ ਸਾਥੀ ਵੱਲੋਂ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਕੇਰੀਆਂ ਦੇ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਅਤੇ ਸਥਿਤੀ ਦਾ ਜਾਇਜ਼ਾ ਲਿਆ। ਮ੍ਰਿਤਕ ਨੌਜਵਾਨ ਦੀ ਪਛਾਣ ਰੋਹਿਤ ਕੁਮਾਰ ਪੁੱਤਰ ਸੁਦੇਸ਼ ਕੁਮਾਰ ਵਾਸੀ ਪਿੰਡ ਲੰਗਾਹ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਸਤਵੀਰ ਸਿੰਘ ਨੇ ਦੱਸਿਆ ਕਿ ਰੋਹਿਤ ਕੁਮਾਰ ਐਮਾਂ ਮਾਂਗਟ ਵਿਖੇ ਸੈਨੇਟਰੀ ਦੀ ਦੁਕਾਨ ਕਰਦਾ ਸੀ ਅਤੇ ਬੀਤੀ ਦੇਰ ਸ਼ਾਮ ਲਗਭਗ ਸਾਢੇ ਕੁ 7 ਵਜੇ ਉਹ ਦੁਕਾਨ ਤੋਂ ਵਾਪਸ ਆਪਣੇ ਘਰ ਆ ਰਿਹਾ ਸੀ ਅਤੇ ਜਦੋਂ ਘਰ ਬਾਹਰ ਪੁੱਜਾ, ਇਸ ਦੌਰਾਨ ਪਹਿਲਾਂ ਹੀ ੳਸ ਦਾ ਇਕ ਗੱਡੀ ਵਿਚ ਪਿੱਛਾ ਕਰ ਰਹੇ 2 ਵਿਅਕਤੀਆਂ ਨੇ ਉਸ ਉਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਰੋਹਿਤ
ਕੁਮਾਰ ਉਥੋਂ ਖੇਤਾਂ ਵੱਲ ਭੱਜ ਗਿਆ।
ਉਨ੍ਹਾਂ ਦੱਸਿਆ ਕਿ ਹਮਲਾਵਰਾਂ ਵੱਲੋਂ ਰੋਹਿਤ ਕੁਮਾਰ ਦਾ ਪਿੱਛਾ ਕਰਦਿਆਂ ਹੋਇਆਂ ਉਸ ਨੂੰ ਖੇਤਾਂ ਵਿਚ ਜਾ ਕੇ ਢਾਹ ਲਿਆ ਗਿਆ ਅਤੇ ਹਮਲਾਵਰ ਦਾਤਰ ਨੁਮਾ ਹਥਿਆਰ ਨਾਲ ਉਸ ਦਾ ਬੇਰਹਿਮੀ ਨਾਲ ਕਤਲ ਕਰਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਕ ਕਥਿਤ ਦੋਸ਼ੀ ਦੀ ਪਛਾਣ ਯੋਗੇਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਬੱਦੂਪੁਰ ਜੋਕਿ ਫ਼ੌਜ ਵਿਚ ਤਾਇਨਾਤ ਹੈ ਅਤੇ ਉਸ ਦੇ ਨਾਲ ਆਏ ਅਣਪਛਾਤੇ ਵਿਅਕਤੀ ਦੀ ਫਿਲਹਾਲ ਪਛਾਣ ਨਹੀਂ ਹੋਈ ਹੈ।
ਸਤਵੀਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਕਥਿਤ ਦੋਸ਼ੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਥਿਤ ਦੋਸ਼ੀਆਂ ਦੀ ਭਾਲ ਲਈ ਪੁਲਸ ਦੀਆਂ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀ ਸਤਵੀਰ ਸਿੰਘ ਨੇ ਦੱਸਿਆ ਕਿ ਫਿਲਹਾਲ ਕਤਲ ਦਾ ਕਾਰਨ ਕੋਈ ਪੁਰਾਣੀ ਰੰਜਿਸ਼ ਹੀ ਦੱਸੀ ਆ ਰਹੀ ਹੈ ਅਤੇ ਜਲਦ ਹੀ ਪੁਲਸ ਵੱਲੋਂ ਸਾਰੇ ਮਾਮਲਾ ਦਾ ਖ਼ੁਲਾਸਾ ਕਰ ਦਿੱਤਾ ਜਾਵੇਗਾ।