ਨਵੀਂ ਦਿੱਲੀ— ਦੇਸ਼ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਪਰਿਵਾਰ ਨਾਲ ਰਹਿਣ ਜਾਂ ਕਿਸੇ ਅਜ਼ੀਜ਼ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਭਾਰਤ ਆਏ ਵਿਦਿਆਰਥੀ ਇੱਥੇ ਫਸ ਗਏ ਹਨ। ਦਰਅਸਲ ਇਟਲੀ ਦੀਆਂ ਯੂਨੀਵਰਸਿਟੀਆਂ ’ਚ ਪੜ੍ਹਨ ਵਾਲੇ ਵਿਦਿਆਰਥੀ ਯੂਰਪੀ ਦੇਸ਼ਾਂ ਵਿਚ ਹਵਾਈ ਯਾਤਰਾ ’ਤੇ ਲੱਗੀ ਰੋਕ ਜਾਰੀ ਰਹਿਣ ਕਾਰਨ ਹੁਣ ਭਾਰਤ ’ਚ ਫਸੇ ਹੋਏ ਹਨ। ਦੱਸ ਦੇਈਏ ਕਿ ਇਟਲੀ ਵਿਚ ਕੋਰੋਨਾ ਦੀ ਪਹਿਲੀ ਲਹਿਰ ਕਾਰਨ ਕਈ ਵਿਦਿਆਰਥੀ ਇਸ ਸਾਲ ਦੀ ਸ਼ੁਰੂਆਤ ’ਚ ਆਪਣੇ ਘਰਾਂ ਨੂੰ ਪਰਤ ਆਏ ਸਨ। ਇਨ੍ਹਾਂ ’ਚੋਂ ਕੁਝ ਸਮੇਂ ’ਤੇ ਆ ਗਏ ਸਨ। ਜੋ ਵਿਦਿਆਰਥੀ 28 ਅਪ੍ਰੈਲ ਤੋਂ ਪਹਿਲਾਂ ਭਾਰਤ ਆਏ, ਉਹ ਹੁਣ ਇੱਥੇ ਫਸ ਗਏ ਹਨ, ਜਦਕਿ ਹੋਰ ਦੇਸ਼ਾਂ ਦੇ ਵਿਦਿਆਰਥੀ ਆਪਣੀਆਂ-ਆਪਣੀਆਂ ਸੰਸਥਾਵਾਂ ਵਿਚ ਪਰਤ ਚੁੱਕੇ ਹਨ।
ਇਟਲੀ ਵਿਚ ਹਵਾਈ ਯਾਤਰਾ ਪਾਬੰਦੀ 28 ਅਪ੍ਰੈਲ ਨੂੰ ਲਾਗੂ ਕੀਤੀ ਗਈ ਸੀ। ਅਜਿਹੇ ਹੀ ਵਿਦਿਆਰਥੀਆਂ ’ਚੋਂ ਰੋਮ ਦੀ ਇਕ ਯੂਨੀਵਰਸਿਟੀ ਵਿਚ ਸਾਈਬਰ ਸੁਰੱਖਿਆ ਵਿਸ਼ੇ ’ਚ ਅਧਿਐਨ ਕਰ ਰਹੇ ਜੀਸ਼ਾਨ ਅਹਿਮਦ ਸ਼ਾਮਲ ਹਨ, ਜੋ ਭੈਣ ਦੇ ਕੋਵਿਡ-19 ਤੋਂ ਪੀੜਤ ਹੋਣ ਮਗਰੋਂ ਦੇਸ਼ ਪਰਤੇ ਸਨ ਅਤੇ ਇਸ ਤੋਂ ਬਾਅਦ ਖੁਦ ਅਤੇ ਉਨ੍ਹਾਂ ਦਾ ਪਰਿਵਾਰ ਕੋਰੋਨਾ ਪੀੜਤ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਦੂਜੀ ਲਹਿਰ ਘੱਟ ਹੋ ਗਈ ਪਰ ਮੇਰਾ ਬੁਰਾ ਦੌਰ ਖ਼ਤਮ ਨਹੀਂ ਹੋਇਆ ਹੈ। ਇਟਲੀ ਵਿਚ ਹਾਲਾਤ ਆਮ ਹੋ ਗਏ ਹਨ ਪਰ ਮੈਂ ਇੱਥੇ ਫਸ ਗਿਆ ਹਾਂ। ਯੂਨੀਵਰਸਿਟੀ ਵਿਚ ਹੁਣ ਆਮ ਰੂਪ ਨਾਲ ਪੜ੍ਹਾਈ ਹੋ ਰਹੀ ਹੈ। ਇਸ ਤਰ੍ਹਾਂ ਹੋਰ ਵਿਦਿਆਰਥੀਆਂ ਨੇ ਆਪਣਾ ਦੁੱਖ ਸਾਂਝਾ ਕੀਤਾ।
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੂਤਘਰ ਨਾਲ ਸੰਪਰਕ ਕੀਤਾ। ਅਸੀਂ ਇਟਲੀ ਦੇ ਸਾਹਮਣੇ ਮੁੱਦਾ ਚੁੱਕਣ ਲਈ ਮੰਤਰਾਲਾ ਨੂੰ ਈ-ਮੇਲ ਭੇਜ ਰਹੇ ਹਾਂ ਪਰ ਕੁਝ ਨਹੀਂ ਹੋ ਰਿਹਾ ਹੈ। ਅਜਿਹਾ ਲੱਗ ਰਿਹਾ ਹੈ ਕਿ ਅਸੀਂ ਡੂੰਘੇ ਚੱਕਰਵਿਊ ’ਚ ਫਸ ਗਏ ਹਾਂ। ਵਿਟਾ ਸਲਿਊਟ ਸੈਨ ਰਾਫੇਲ ਯੂਨੀਵਰਸਿਟੀ ਵਿਚ ਐੱਮ. ਐੱਮ. ਬੀ. ਐੱਸ. ਦੇ ਵਿਦਿਆਰਥੀ ਨਿਹਾਲ ਵਿਕਰਮ ਸਿੰਘ ਦੀ ਸਮੱਸਿਆ ਯਾਤਰਾ ’ਚ ਦੇਰੀ ਹੀ ਨਹੀਂ ਸਗੋਂ ਨਿਵਾਸ ਪਰਮਿਟ ਅਤੇ ਭਾਰਤੀ ਟੀਕੇ ਨੂੰ ਮਾਨਤਾ ਨਾ ਦੇਣਾ ਵੀ ਹੈ। ਉਨ੍ਹਾਂ ਦੱਸਿਆ ਕਿ ਨਿਵਾਸ ਪਰਮਿਟ ਮੁਤਾਬਕ ਅਸੀਂ 6 ਮਹੀਨੇ ਤੋਂ ਵੱਧ ਸਮੇਂ ਤੱਕ ਇਟਲੀ ਤੋਂ ਬਾਹਰ ਨਹੀਂ ਰਹਿ ਸਕਦੇ। ਇਸ ਦਰਮਿਆਨ ਇਟਲੀ ’ਚ ਭਾਰਤ ਦੀ ਰਾਜਦੂਤ ਡਾ. ਨੀਨਾ ਮਲਹੋਤਰਾ ਨੇ 9 ਜੁਲਾਈ ਨੂੰ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਅਤੇ ਦੂਤਘਰ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੋਂ ਜਾਣੂ ਕਰਵਾਇਆ।