ਨਾਭਾ: ਇਕ ਘੰਟੇ ਦੀ ਬਾਰਸ਼ ਨਾਲ ਹੀ ਰੁੜ੍ਹ ਗਏ 'ਵਿਕਾਸ' ਦੇ ਦਾਅਵੇ, ਪੂਰਾ ਸ਼ਹਿਰ ਜਲਥਲ

 


ਨਾਭਾ: ਪੰਜਾਬ ਸਰਕਾਰ ਵੱਲੋਂ ਸ਼ਹਿਰ ਦੇ ਸੁੰਦਰੀਕਰਨ ਲਈ ਕਰੋੜਾਂ ਰੁਪਏ ਖਰਚ ਕਰਨ ਦੇ ਦਾਅਵੇ ਕੀਤੇ ਗਏ ਹਨ, ਪਰ ਨਾਭਾ ਵਿਖੇ ਇਹ ਦਾਅਵੇ ਬਿਲਕੁਲ ਖੋਖਲੇ ਵਿਖਾਈ ਦੇ ਰਹੇ ਹਨ। ਇਕ ਘੰਟੇ ਦੀ ਬਾਰਸ਼ ਨਾਲ ਪੂਰਾ ਸ਼ਹਿਰ ਪਾਣੀ ਵਿੱਚ ਡੁੱਬ ਗਿਆ ਅਤੇ ਚਾਰੋਂ ਪਾਸੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ।

ਤੇਜ਼ ਬਾਰਸ਼ ਨੇ ਜਿਥੇ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਮੁਸ਼ਕਲਾਂ ਵਿਚ ਵੀ ਵਾਧਾ ਹੋ ਗਿਆ ਹੈ। ਦੁਕਾਨਦਾਰਾਂ ਦਾ ਧੰਦਾ ਠੱਪ ਹੋ ਗਿਆ ਹੈ, ਉੱਥੇ ਹੀ ਸ਼ਹਿਰ ਨਿਵਾਸੀ ਪੈਦਲ ਤੁਰ ਕੇ ਹੀ ਪਾਣੀ ਵਿਚੋਂ ਲੰਘਣ ਲਈ ਮਜਬੂਰ ਹਨ। ਤੇਜ਼ ਬਾਰਸ਼ ਆਉਣ ਕਾਰਨ ਕਈ ਘਰ ਪਾਣੀ ਦੇ ਨਾਲ ਭਰੇ ਵਿਖਾਈ ਦਿੱਤੇ। ਕਈ ਦੁਕਾਨਾਂ ਵਿਚ ਪਾਣੀ ਵੜ ਗਿਆ।

ਸ਼ਹਿਰ ਨਿਵਾਸੀਆਂ ਨੇ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਵੱਲੋਂ ਵਿਕਾਸ ਦੇ ਲੱਖ ਦਾਅਵੇ ਕੀਤੇ ਗਏ ਹਨ ਪਰ ਮੌਜੂਦਾ ਬਣੇ ਹਾਲਾਤ ਅਸਲੀ ਤਸਵੀਰ ਬਿਆਨ ਕਰ ਰਹੇ ਹਨ। ਜੇਕਰ ਇਸੇ ਤਰ੍ਹਾਂ ਹੀ ਭਾਰੀ ਬਾਰਸ਼ ਪੈਂਦੀ ਰਹੀ ਤਾਂ ਹੜ੍ਹ ਵਰਗੀ ਸਥਿਤੀ ਦਾ ਮਾਹੌਲ ਪੈਦਾ ਹੋ ਜਾਵੇਗਾ। ਸ਼ਹਿਰ ਨਿਵਾਸੀ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੋਂ ਜਵਾਬ ਮੰਗ ਰਹੇ ਹਨ ਕਿ ਵਿਕਾਸ ਕਿੱਥੇ ਹੈ ਅਤੇ ਜੇਕਰ ਵਿਕਾਸ ਹੁੰਦਾ ਤਾਂ ਸ਼ਹਿਰ ਦਾ ਅੱਜ ਇਹ ਹਾਲ ਨਹੀਂ ਸੀ ਹੋਣਾ।

ਇਸ ਮੌਕੇ ਸ਼ਹਿਰ ਨਿਵਾਸੀਆਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਭੜਾਸ ਕੱਢੀ ਅਤੇ ਕਿਹਾ ਕਿ ਜੇਕਰ ਨਾਭੇ ਦਾ ਵਿਕਾਸ ਹੁੰਦਾ ਤਾਂ ਅੱਜ ਇਹ ਹਾਲ ਨਹੀਂ ਸੀ ਹੁੰਦਾ ਕਿਉਂਕਿ ਕਰੋੜਾਂ ਰੁਪਿਆ ਨਾਭਾ ਸ਼ਹਿਰ ਉਤੇ ਖ਼ਰਚ ਕੀਤੇ ਗਏ ਹਨ ਪਰ 50 ਸਾਲਾਂ ਤੋਂ ਇਕੋ ਸਮੱਸਿਆ ਜੋ ਕਿ ਪਾਣੀ ਦੀ ਹੈ, ਉਹ ਅਜੇ ਤੱਕ ਹੱਲ ਨਹੀਂ ਕੀਤੀ ਗਈ ਅਤੇ ਹਰ ਵਾਰ ਜਦੋਂ ਬਾਰਸ਼ ਪੈਂਦੀ ਹੈ ਤਾਂ ਦੁਕਾਨਦਾਰੀ ਠੱਪ ਹੋ ਕੇ ਰਹਿ ਜਾਂਦੀ ਹੈ। ਇਕ ਪਾਸੇ ਜਿਥੇ ਕੋਰੋਨਾ ਮਹਾਂਮਾਰੀ ਕਾਰਨ ਪਹਿਲਾਂ ਹੀ ਕੰਮਕਾਜ ਠੱਪ ਹਨ, ਦੂਜੇ ਪਾਸੇ ਵਿਕਾਸ ਨਾ ਹੋਣ ਕਾਰਨ ਸ਼ਹਿਰ ਪਾਣੀ ਵਿੱਚ ਡੁੱਬਿਆ ਪਿਆ ਹੈ।

Post a Comment

Previous Post Next Post