ਸ੍ਰੀ ਨਨਕਾਣਾ ਸਾਹਿਬ ‘ਚ ਬਣ ਰਹੇ ਪਾਕਿਸਤਾਨ ਦੇ ਸਭ ਤੋਂ ਖ਼ੂਬਸੂਰਤ ਰੇਲਵੇ ਸਟੇਸ਼ਨ ਦੀ ਉਸਾਰੀ ਮੁਕੰਮਲ

ਅੰਮਿ੍ਤਸਰ, 7 ਜੁਲਾਈ -ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਰੇਲਵੇ ਸਟੇਸ਼ਨ ਨੂੰ ਦਿਲਖਿੱਚ ਰੂਪ ਦਿੱਤੇ ਜਾਣ ਹਿਤ ਲਗਪਗ ਤਿੰਨ ਵਰ੍ਹੇ ਪਹਿਲਾਂ ਸ਼ੁਰੂ ਕੀਤੀ ਗਈ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ | ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ 'ਤੇ ਆਧੁਨਿਕ ਢੰਗ ਨਾਲ ਉਸਾਰਿਆ ਗਿਆ ਇਹ ਦੋ ਮੰਜ਼ਿਲਾ ਰੇਲਵੇ ਸਟੇਸ਼ਨ ਪਾਕਿ ਦਾ ਸਭ ਤੋਂ ਖ਼ੂਬਸੂਰਤ ਤੇ ਵਿਸ਼ਾਲ ਸਟੇਸ਼ਨ ਦੱਸਿਆ ਜਾ ਰਿਹਾ ਹੈ | ਸ੍ਰੀ ਨਨਕਾਣਾ ਸਾਹਿਬ ਤੋਂ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਅਹਿਸਾਨ ਮਿਰਜ਼ਾ ਨੇ ਦੱਸਿਆ ਕਿ ਭਾਰਤ ਤੋਂ ਗੁਰਪੁਰਬ ਤੇ ਹੋਰਨਾਂ ਦਿਹਾੜਿਆਂ 'ਤੇ ਸ੍ਰੀ ਨਨਕਾਣਾ ਸਾਹਿਬ ਦੀ ਯਾਤਰਾ 'ਤੇ ਆਉਣ ਵਾਲੀ ਸਿੱਖ ਸੰਗਤ ਲਈ ਉਕਤ ਰੇਲਵੇ ਸਟੇਸ਼ਨ 'ਤੇ ਅਸਥਾਈ ਰਿਹਾਇਸ਼ ਅਤੇ ਆਰਾਮ ਕਰਨ ਲਈ ਕਈ ਕਮਰੇ ਵੀ ਉਸਾਰੇ ਗਏ ਹਨ | ਇਸ ਦੇ ਨਾਲ ਹੀ ਇਕ ਵਿਸ਼ਾਲ ਹਾਲ ਕੀਰਤਨ ਲਈ ਸੁਰੱਖਿਅਤ ਰੱਖਿਆ ਗਿਆ ਹੈ ਤਾਂ ਕਿ ਗੱਡੀ ਦੇ ਆਉਣ ਦੀ ਉਡੀਕ ਕਰ ਰਹੀ ਸੰਗਤ ਆਪਣੀਆਂ ਧਾਰਮਿਕ ਰਸਮਾਂ ਜਾਰੀ ਰੱਖ ਸਕੇ | ਆਧੁਨਿਕ ਸੇਵਾਵਾਂ ਵਾਲੀ ਕੰਟੀਨ ਵੀ ਬਣਾਈ ਗਈ ਹੈ | ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੱਕ ਇਕ ਵੱਖਰਾ ਰਸਤਾ 'ਗੁਰੂ ਨਾਨਕ ਮਾਰਗ' ਬਣਾਇਆ ਗਿਆ ਹੈ, ਜਿਸ ਰਾਹੀਂ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਅਤੇ ਹੋਰਨਾਂ ਮੁਲਕਾਂ ਤੋਂ ਆਉਣ ਵਾਲੀ ਸੰਗਤ ਰੇਲਵੇ ਸਟੇਸ਼ਨ ਤੋਂ ਸਿੱਧਾ ਗੁਰਦੁਆਰਾ ਸਾਹਿਬ ਤੱਕ ਪਹੁੰਚ ਸਕੇਗੀ | ਉੱਧਰ ਲਾਹੌਰ ਤੋਂ ਬਾਬਰ ਜਲੰਧਰੀ ਨੇ ਦੱਸਿਆ ਕਿ ਸ੍ਰੀ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਅਤੇ ਇਸ ਦੀ ਗੁਰਦੁਆਰਾ ਸਾਹਿਬ ਦੀ ਤਰਜ਼ 'ਤੇ ਕੀਤੀ ਗਈ ਉਸਾਰੀ 'ਤੇ ਲਗਪਗ 21 ਕਰੋੜ ਰੁਪਏ (ਪਾਕਿਸਤਾਨੀ ਕਰੰਸੀ) ਦੀ ਲਾਗਤ ਆਈ ਹੈ | 


Post a Comment

Previous Post Next Post